ਲੁਧਿਆਣਾ , 02 ਅਪ੍ਰੈਲ 2025
( ਨਰੇਸ਼ ਹੰਸ )
ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਮਧੂ ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਸੰਬੰਧੀ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ| ਇਸ ਸੈਮੀਨਾਰ ਵਿਚ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਦੇ 20 ਅਧਿਕਾਰੀਆਂ ਤੋਂ ਬਿਨਾਂ 250 ਦੇ ਕਰੀਬ ਕਿਸਾਨ, ਕਿਸਾਨ ਬੀਬੀਆਂ ਅਤੇ ਸ਼ਹਿਦ ਮੱਖੀ ਪਾਲਕ ਸ਼ਾਮਿਲ ਹੋਏ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਆਪਣੇ ਭਾਸ਼ਣ ਵਿਚ ਪੀ.ਏ.ਯੂ. ਵੱਲੋਂ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿਚ ਆਏ ਇਤਿਹਾਸਕ ਯੋਗਦਾਨ ਦੀ ਚਰਚਾ ਕਰਦਿਆਂ ਯੂਨੀਵਰਸਿਟੀ ਵੱਲੋਂ ਭਾਰਤ ਵਿਚ ਇਟਾਲੀਅਨ ਸ਼ਹਿਦ ਮੱਖੀ ਦਾ ਤੁਆਰਫ ਕਰਾਏ ਜਾਣ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਇਸਦੇ ਨਤੀਜੇ ਵਜੋਂ ਸ਼ਹਿਦ ਮੱਖੀ ਪਾਲਣ ਦਾ ਖਿੱਤਾ ਦੇਸ਼ ਭਰ ਵਿਚ ਮੁਨਾਫ਼ੇ ਯੋਗ ਬਣਿਆ| ਇਸਦੇ ਨਾਲ ਹੀ ਉਹਨਾਂ ਨੇ ਸ਼ਹਿਦ ਮੱਖੀ ਪਾਲਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਮਧੂ ਮੱਖੀ ਪਾਲਣ ਦੇ ਸੁਚੱਜੇ ਤਰੀਕਿਆਂ ਅਤੇ ਮਿਆਰੀ ਸ਼ਹਿਦ ਉਤਪਾਦਨ ਲਈ ਪੀ.ਏ.ਯੂ. ਦੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਉੱਪਰ ਅਮਲ ਕਰਨ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਸ਼ਹਿਦ ਮੱਖੀ ਪਾਲਣ ਦੀ ਖੋਜ ਉੱਪਰ ਚਾਨਣਾ ਪਾਇਆ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਸਹਾਇਕ ਕਿੱਤਿਆਂ ਵਿੱਚੋਂ ਵਿਸ਼ੇਸ਼ ਤੌਰ ਤੇ ਸ਼ਹਿਦ ਮੱਖੀ ਪਾਲਣ ਨੂੰ ਪਰ-ਪਰਾਗਣ ਦੀ ਦ੍ਰਿਸ਼ਟੀ ਦੇ ਨਾਲ-ਨਾਲ ਮਿਆਰੀ ਅਤੇ ਪੌਸ਼ਟਿਕ ਭੋਜਨ ਦੇ ਰੂਪ ਵਿਚ ਸ਼ਹਿਦ ਦੀ ਵਰਤੋਂ ਲਈ ਵਿਕਸਿਤ ਕੀਤਾ ਹੈ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਵੱਲੋਂ ਕਿਸਾਨ ਮੇਲੇ ਅਤੇ ਹੋਰ ਗਤੀਵਿਧੀਆਂ ਰਾਹੀਂ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਵਿਸ਼ੇਸ਼ ਤੌਰ ਤੇ ਸ਼ਹਿਦ ਮੱਖੀ ਪਾਲਣ ਅਪਣਾ ਕੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦਾ ਹਵਾਲਾ ਦਿੱਤਾ|
ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨੂੰ ਮੁਨਾਫੇਯੋਗ ਧੰਦਾ ਬਨਾਉਣ ਲਈ ਸ਼ਹਿਦ ਮੱਖੀ ਪਾਲਣ ਨੂੰ ਢੱੁਕਵੇਂ ਬਦਲ ਵਜੋਂ ਅਪਨਾਉਣ|
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਇਸ ਮੌਕੇ ਵਿਭਾਗ ਦੀਆਂ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿਚ ਗਤੀਵਿਧੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੇ ਇਸ ਖੇਤਰ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ ਤਾਂ ਇਸਦਾ ਸਿਹਰਾ ਪੀ.ਏ.ਯੂ. ਦੇ ਕੀਟ ਵਿਗਿਆਨੀ ਸਿਰ ਬੱਝਦਾ ਹੈ|
ਇਸ ਮੌਕੇ ਹੋਏ ਤਕਨੀਕੀ ਸੈਸ਼ਨ ਦੌਰਾਨ ਪੀ.ਏ.ਯੂ. ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਮਾਹਿਰਾਂ ਨੇ ਵਿਗਿਆਨਕ ਸ਼ਹਿਦ ਮੱਖੀ ਪਾਲਣ ਦੇ ਵੱਖ-ਵੱਖ ਨੁਕਤੇ ਸਾਂਝੇ ਕੀਤੇ| ਉਹਨਾਂ ਨੇ ਮੱਖੀਆਂ ਦੀਆਂ ਕਲੋਨੀਆਂ ਦਾ ਨਿਰਮਾਣ, ਰਾਣੀ ਮੱਖੀ ਦਾ ਉਤਪਾਦਨ, ਸ਼ਹਿਦ ਦੀ ਪ੍ਰੋਸੈਸਿੰਗ, ਮੰਡੀਕਰਨ ਅਤੇ ਮੁੱਲ ਵਾਧੇ ਰਾਹੀਂ ਉਤਪਾਦਨ ਬਾਰੇ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਨਾਲ ਹੀ ਕਿਸਾਨਾਂ ਨੂੰ ਰਾਜ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਵੀ ਜਾਣੂੰ ਕਰਵਾਇਆ ਗਿਆ|
ਬਾਗਬਾਨੀ ਵਿਕਾਸ ਅਧਿਕਾਰੀ ਅਤੇ ਸ਼ਹਿਦ ਮੱਖੀ ਪਾਲਣ ਸੰਬੰਧੀ ਨੋਡਲ ਅਫਸਰ ਡਾ. ਜਗਦੀਪ ਸਿੰਘ ਨੇ ਐੱਨ ਬੀ ਐੱਚ ਐੱਮ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ|. ਬਾਗਬਾਨੀ ਵਿਭਾਗ ਦੇ ਉਪ ਨਿਰਦੇਸ਼ਕ ਡਾ. ਦਲਬੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ| ਮੰਚ ਦਾ ਸੰਚਾਲਨ ਕੁਮਾਰੀ ਜਸਪ੍ਰੀਤ ਕੌਰ ਗਿੱਲ ਨੇ ਕੀਤਾ|
ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇ ਨਾਲ ਸੰਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ| ਖੇਤ ਪ੍ਰਦਰਸ਼ਨ ਦੌਰਾਨ ਡਾ. ਜਸਪਾਲ ਸਿੰਘ, ਡਾ. ਅਮਿਤ ਚੌਧਰੀ ਅਤੇ ਡਾ. ਭਾਰਤੀ ਮਹਿੰਦਰੂ ਨੇ ਭਾਗੀਦਾਰਾਂ ਦੀ ਅਗਵਾਈ ਕੀਤੀ|
ਪੀ.ਏ.ਯੂ. ਨੇ ਮਧੂ ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਬਾਰੇ ਰਾਜ ਪੱਧਰੀ ਸੈਮੀਨਾਰ ਕਰਵਾਇਆ
