ਲੁਧਿਆਣਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ, ਜ਼ਿਲ੍ਹਾ ਤੇ ਉਪ ਮੰਡਲ ਪੱਧਰ ‘ਤੇ ਵੱਖ-ਵੱਖ ਮਾਮਲਿਆਂ ਦਾ ਨਿਪਟਾਰਾ

ਲੁਧਿਆਣਾ/ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੈਡਮ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੀ ਪ੍ਰਧਾਨਗੀ ਅਤੇ ਸ੍ਰੀ ਹਰਵਿੰਦਰ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੀ ਦੇਖ-ਰੇਖ ਹੇਠ ਅੱਜ ਮਿਤੀ 08.03.2025 ਨੂੰ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਉਪ ਮੰਡਲ ਪੱਧਰ ਤੇ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੈਡਮ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜੀ ਨੇ ਕੋਰਟਾਂ ਦਾ ਦੌਰਾ ਕੀਤਾ, ਜਿਸ ਦੌਰਾਨ ਮੈਡਮ ਨੀਲਮ ਅਰੋੜਾ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ ਵਿੱਚ ਪੈਂਡਿੰਗ (02) ਤਲਾਕ ਦੇ ਕੇਸਾਂ ਦਾ ਨਿਪਟਾਰਾ ਕਰਾਉਂਦੇ ਹੋਏ ਦੋਨਾਂ ਧਿਰਾਂ (ਪਤੀ ਅਤੇ ਪਤਨੀ) ਦੀ ਆਪਸੀ ਸੁਲ੍ਹਾ ਕਰਵਾ ਕੇ ਉਨ੍ਹਾਂ ਦਾ ਮੁੜ ਘਰ ਵਸਾਇਆ। ਇੱਕ ਕੇਸ ਜਿਸ ਵਿੱਚ ਪਤੀ ਵੱਲੋਂ ਪਤਨੀ ਤੋਂ ਤਲਾਕ ਲੈਣ ਸਬੰਧੀ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦਾ ਵਿਆਹ 13.12.2009 ਨੂੰ ਸਿੱਖ ਰੀਤੀ ਰਿਵਾਜਾਂ ਨਾਲ ਲੁਧਿਆਣਾ ਵਿਖੇ ਹੋਇਆ ਸੀ। ਇਸ ਵਿਆਹ ਵਿੱਚੋਂ ਇੱਕ ਲੜਕੇ ਦਾ ਜਨਮ ਹੋਇਆ ਸੀ, ਜੋ ਕਿ ਪਤੀ-ਪਤਨੀ ਦੇ ਆਪਸੀ ਮਨ-ਮਿਟਾਵ ਹੋਣ ਕਰਕੇ ਉਹ (ਪਤਨੀ) ਦਸੰਬਰ 2018 ਵਿੱਚ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਸੀ ਅਤੇ ਉਸ ਦਾ ਬੱਚਾ ਆਪਣੇ ਪਿਤਾ ਕੋਲ ਹੀ ਰਹਿ ਰਿਹਾ ਸੀ। ਪਤੀ ਵੱਲੋਂ ਤਲਾਕ ਦਾ ਕੇਸ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਅੱਜ ਕੋਰਟ ਵਿੱਚ ਮੌਜੂਦ ਸੈਸ਼ਨ ਜੱਜ ਸਾਹਿਬ ਮੈਡਮ ਹਰਪ੍ਰੀਤ ਕੌਰ ਰੰਧਾਵਾ ਜੀ ਦੇ ਯਤਨਾਂ ਸਦਕਾ ਨਾਲ ਉਨ੍ਹਾਂ ਦਾ ਮੁੜ ਵਸੇਬਾ ਕਰਵਾਇਆ ਅਤੇ ਤਲਾਕ ਦਾ ਕੇਸ ਵਾਪਸ ਕਰਵਾਇਆ ਨਾਲ ਹੀ ਦੋਵਾਂ ਧਿਰਾਂ ਨੂੰ ਖੁਸ਼ੀ-ਖੁਸ਼ੀ ਉਨ੍ਹਾਂ ਦੇ ਘਰ ਤੋਰਿਆ ਅਤੇ ਇਸੇ ਪ੍ਰਕਾਰ ਦੂਸਰੇ ਕੇਸ ਵਿੱਚ ਵੀ ਦੋਵਾਂ ਧਿਰਾਂ ਵੱਲੋਂ ਪਹਿਲਾਂ ਕੋਰਟ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਵਿੱਚ ਇਨ੍ਹਾਂ ਦਾ ਵਿਆਹ ਮਿਤੀ 24.11.2018 ਨੂੰ ਲੁਧਿਆਣਾ ਵਿਖੇ ਹੋਇਆ ਸੀ। ਇਸ ਵਿਆਹ ਵਿੱਚੋਂ ਦੋ ਬੱਚਿਆਂ ਦਾ ਜਨਮ ਹੋਇਆ ਸੀ ਤੇ ਆਪਸ ਵਿੱਚ ਦੋਵਾਂ ਪਤੀ-ਪਤਨੀ ਦੇ ਮਨ-ਮਿਟਾਵ ਕਰਕੇ ਇਨ੍ਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਮਨ ਬਣਾ ਲਿਆ ਸੀ ਅਤੇ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ ਸੀ। ਤਲਾਕ ਲੈਣ ਵਾਸਤੇ ਦੋਵਾਂ ਧਿਰਾਂ ਵੱਲੋਂ ਪਹਿਲੇ ਮੋਸ਼ਨ ਦੇ ਬਿਆਨ ਵੀ ਕੋਰਟ ਵਿੱਚ ਦਰਜ ਕਰਵਾਏ ਸਨ ਪ੍ਰੰਤੂ ਅਖੀਰਲੇ ਬਿਆਨ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਸਮਝਾਇਆ ਗਿਆ ਤੇ ਇਹ ਮੁੜ ਆਪਣਾ ਘਰ ਵਸਾਉਣ ਲਈ ਰਾਜ਼ੀ ਹੋ ਗਏ ਤੇ ਖੁਸ਼ੀ ਖੁਸ਼ੀ ਕੇਸ ਵਾਪਸ ਲੈ ਲਿਆ ਗਿਆ। ਅੱਜ ਉਨ੍ਹਾਂ ਨੂੰ ਸਮਝਾਉਣ ਉਪਰੰਤ ਉਨ੍ਹਾਂ ਵੱਲੋਂ ਦਾਇਰ ਕੀਤਾ ਤਲਾਕ ਸਹਿਮਤੀ ਨਾਲ ਲੈਣ ਦਾ ਕੇਸ ਅੱਜ ਦੋਨਾਂ ਧਿਰਾਂ ਨੇ ਵਾਪਸ ਲੈ ਲਿਆ ਅਤੇ ਮੁੜ ਵਿਆਹੁਤਾ ਜੀਵਨ ਬਤੀਤ ਕਰਨ ਦਾ ਵਾਅਦਾ ਕਰਦੇ ਹੋਏ ਆਪਣਾ ਘਰ ਵਸਾਇਆ। ਮੌਜੂਦ ਸੈਸ਼ਨ ਜੱਜ ਸਾਹਿਬ ਮੈਡਮ ਹਰਪ੍ਰੀਤ ਕੌਰ ਰੰਧਾਵਾ ਜੀ ਨੇ ਦੋਵਾਂ ਧਿਰਾਂ ਪਤੀ-ਪਤਨੀ ਦਾ ਮੁੜ ਵਸੇਬਾ ਕਰਵਾਇਆ।
ਇਸ ਨੈਸ਼ਨਲ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸਾਂ ਅਤੇ ਪ੍ਰੀ-ਲੀਟੀਗੇਟਿਵ ਕੇਸ (ਅਜਿਹੇ ਝਗੜੇ ਜਿਹੜੇ ਹਾਲੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ) ਜਿਨ੍ਹਾਂ ਵਿੱਚ ਮੁੱਖ ਤੌਰ ਤੇ ਕ੍ਰਿਮੀਨਲ ਕਪਾਊਂਡੇਬਲ ਕੇਸ,138 ਐੱਨ.ਆਈ.ਐਕਟ, ਮੋਟਰ ਐਕਸੀਡੈਂਟ ਕਲੇਮ, ਵਿਵਾਹਿਕ ਝਗੜੇ, ਲੈਂਡ ਐਕੁਜੇਸ਼ਨ ਕੇਸ, ਮਨੀ ਰਿਕਵਰੀ ਕੇਸ, ਬਿਜਲੀ ਪਾਣੀ ਦੇ ਬਿਲਾਂ ਦੇ ਕੇਸ, ਤਨਖਾਹ ਭੱਤੇ ਸਬੰਧੀ ਮਾਮਲੇ ਆਦਿ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਕੁੱਲ 38 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਪ ਮੰਡਲ ਪੱਧਰਾਂ ਤੇ ਕੁੱਲ 08 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀ ਸਾਹਿਬਾਨ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਵਕੀਲ ਸਾਹਿਬਾਨ ਅਤੇ ਇੱਕ ਸਮਾਜ ਸੇਵੀ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 75434 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਵੱਲੋਂ ਕੀਤੇ ਗਏ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 116,03,62,417/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸ਼ਮਣੀ ਘੱਟਦੀ ਹੈ ਅਤੇ ਪਿਆਰ ਵਧਦਾ ਹੈ ਅਤੇ ਲੋਕ ਅਦਾਲਤ ਰਾਹੀਂ ਕੀਤੇ ਗਏ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਜਿਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾ ਕੇ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰੋ।

Leave a Reply

Your email address will not be published. Required fields are marked *