ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਨੇ ਵੱਖ-ਵੱਖ ਜ਼ੋਨਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਭਾਰਤ ਅਮਰੀਕਾ ਨਾਲ ਫ਼੍ਰੀ ਟਰੇਡ ਸਮਝੌਤਾ ਕਰ ਰਿਹਾ ਹੈ, ਜਿਸ ਨਾਲ ਖੇਤੀਬਾੜੀ ਖੇਤਰ ਦੇ ਨਾਲ-ਨਾਲ ਪਸ਼ੂ ਪਾਲਕਾਂ, ਮੁਰਗੀ ਪਾਲਣ, ਮੱਛੀ ਪਾਲਕਾਂ ਸਮੇਤ ਹੋਰ ਕਿੱਤਿਆਂ ਉੱਤੇ ਇਸ ਦਾ ਅਸਰ ਪਵੇਗਾ, ਜਿਸ ਨੂੰ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ 21 ਜੁਲਾਈ ਨੂੰ ਦਿੱਲੀ ‘ਚ ਕਿਸਾਨ ਘਾਟ ਵਿਖੇ ਮਹਾ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਜ਼ੋਨਾਂ ਦੇ ਕਿਸਾਨ ਮਜ਼ਦੂਰ 20 ਜੁਲਾਈ ਨੂੰ ਬੱਸਾਂ ਰਾਹੀਂ ਦਿੱਲੀ ਰਵਾਨਾ ਹੋਣਗੇ।
ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਜਦੋਂ ਤੱਕ ਫ਼੍ਰੀ ਟਰੇਡ ਸਮਝੌਤਾ ਰੱਦ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ, ਐੱਮ. ਐੱਸ. ਪੀ. ਲੀਗਲ ਗਰੰਟੀ ਕਾਨੂੰਨ, ਅਤੇ ਸੀ-ਟੂ ਪਲਸ ਤੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਤੈਅ ਕਰਨਾ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਬਿਜਲੀ ਸੋਧ ਬਿੱਲ 2025 ਕਾਨੂੰਨ ਆਦਿ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਉਸ ਦਾ ਵੀ ਆਉਣ ਵਾਲੇ ਦਿਨਾਂ ਵਿਚ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਸ਼ੰਭੂ ਖੌਰੀ ਬਾਰਡਰਾਂ ਤੇ ਹੋਏ ਨੁਕਸਾਨ ਦਾ 3 ਕਰੋੜ 77 ਲੱਖ ਰੁਪਏ ਦਾ ਮੁਆਵਜ਼ਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਹੈ ਕਿ ਸਾਰੇ ਹੀ ਵਰਗ ਛੋਟਾ ਦੁਕਾਨਦਾਰ, ਵਪਾਰੀ, ਵਿਦਿਆਰਥੀ ਜਥੇਬੰਦੀਆਂ, ਕਿਸਾਨਾਂ ਮਜ਼ਦੂਰਾਂ, ਸਾਰੇ ਹੀ ਵਰਗਾਂ ਨੂੰ ਇਕੱਠਿਆਂ ਹੋ ਕੇ ਮੌਜੂਦਾ ਸਰਕਾਰ ਦੇ ਕਾਰਪੋਰੇਟ ਨੀਤੀਆਂ ਦੇ ਵਿਰੁੱਧ ਲਾਮਬੰਦ ਹੋਣਾ ਪਵੇਗਾ। ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਸ਼ੇਰ ਸਿੰਘ ਮਹੀਂਵਾਲ ਨੇ ਦੱਸਿਆ ਕਿ 15 ਜੁਲਾਈ ਦੇ ਮੋਟਰਸਾਈਕਲ ਮਾਰਚ ਦੀਆਂ ਸਾਰੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। 15 ਜੁਲਾਈ ਨੂੰ ਮੋਟਰ ਸਾਈਕਲ ਮਾਰਚ ਸੁਲਤਾਨਪੁਰ ਲੋਧੀ ਤੋਂ ਜ਼ੋਨ ਸੁਲਤਾਨਪੁਰ ਲੋਧੀ ਤੇ ਜ਼ੋਨ ਬਾਬਾ ਬੀਰ ਸਿੰਘ ਜੀ ਦੇ ਕਿਸਾਨ ਮਜਦੂਰ ਚਾਲੇ ਪਾਉਣਗੇ, ਜੋ ਕਿ ਸਿੱਧੇ ਆਰ. ਸੀ. ਐੱਫ. ਪੁੱਜਣਗੇ। ਅਗਲੇ ਪਾਸੇ ਡੱਲਾ ਜੋਨ ਡਡਵਿੰਡੀ ਤੋਂ ਨਾਲ ਜੁੜੇਗਾ, ਬਾਬਾ ਬੰਦਾ ਸਿੰਘ ਬਹਾਦਰ ਜੋਨ ਆਰ. ਸੀ. ਐੱਫ. ਕੋਲ ਜਾ ਕੇ ਸਾਨੂੰ ਮਿਲੇਗਾ, ਸ਼ਹੀਦ ਊਧਮ ਸਿੰਘ ਜ਼ੋਨ ਤੇ ਮੀਰੀ ਪੀਰੀ ਗੁਰਸਰ ਸਾਹਿਬ ਜੋਨ ਉਹ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠਾਂ ਆਰ. ਸੀ. ਐੱਫ਼. ਪੁੱਜਣਗੇ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜ਼ੋਨ ਕਪੂਰਥਲਾ ਮਿਲੇਗਾ ਤੇ ਨਡਾਲਾ ਜੋਨ ਕਚਿਹਰੀ ਚੌਕ ਕਪੂਰਥਲਾ ਮਿਲੇਗਾ। ਮੋਟਰਸਾਈਕਲ ਮਾਰਚ ਕੱਢਣ ਉਪਰੰਤ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਪ੍ਰਧਾਨ ਡੱਲਾ ਜ਼ੋਨ, ਮਲਕੀਤ ਸਿੰਘ ਪ੍ਰਧਾਨ ਸੁਲਤਾਨਪੁਰ ਜ਼ੋਨ ਅਤੇ ਹੋਰ ਆਗੂਆਂ ਸ਼ਿਰਕਤ ਕੀਤੀ।
