ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026-27 ਲਈ ਸਕੂਲੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅੱਠਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਦਾਖ਼ਲੇ, ਰਜਿਸਟ੍ਰੇਸ਼ਨ ਅਤੇ ਕੰਟੀਨਿਊਏਸ਼ਨ ਦੀਆਂ ਤਰੀਕਾਂ ’ਚ ਵਾਧਾ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਜਾਰੀ ਸੂਚਨਾ ਅਨੁਸਾਰ 8ਵੀਂ ਤੋਂ 12ਵੀਂ ਜਮਾਤ ਦੇ ਦਾਖ਼ਲੇ ਦੀ ਜਿਹੜੀ ਆਖ਼ਰੀ ਮਿਤੀ ਪਹਿਲਾਂ 15 ਜੁਲਾਈ ਤੈਅ ਕੀਤੀ ਗਈ ਸੀ, ਉਸ ਨੂੰ ਹੁਣ ਵਧਾ ਕੇ 24 ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਤੇ ਕੰਟੀਨਿਊਏਸ਼ਨ ਸਬੰਧੀ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ ’ਚ ਵੀ ਵਾਧਾ ਕੀਤਾ ਗਿਆ ਹੈ।
ਪੋਰਟਲ ’ਤੇ ਵਿਦਿਆਰਥੀਆਂ ਦਾ ਡਾਟਾ ਐਂਟਰ ਕਰਨ ਦੀ ਪ੍ਰਕਿਰਿਆ 24 ਜੁਲਾਈ ਤੱਕ ਮੁਕੰਮਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਕੂਲਾਂ ਨੇ ਪਹਿਲਾਂ ਹੀ ਚਲਾਨ ਜਨਰੇਟ ਕਰ ਲਿਆ ਹੈ, ਉਹ ਸਕੂਲ ਚਲਾਨ ਦੀ ਆਖ਼ਰੀ ਮਿਤੀ ਤੱਕ ਫੀਸ ਜ਼ਰੂਰ ਜਮ੍ਹਾ ਕਰਵਾਉਣ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਡਾਟਾ ਐਂਟਰੀ, ਈ-ਸਾਈਨ ਤੇ ਫਾਈਨਲ ਸਬਮਿਟ ਕਰਨ ਦੀ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਤੇ ਕਿਸੇ ਵੀ ਤਰ੍ਹਾਂ ਦੇ ਅਪਡੇਟ ਲਈ ਸਕੂਲ ਤੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਚੈੱਕ ਕਰ ਸਕਦੇ ਹਨ।
