2027 ’ਚ 6 ਦਿਨ ਚੱਲੇਗੀ ਤੇ ਕੰਪਿਊਟਰ-ਆਧਾਰਤ ਹੋਵੇਗੀ NEET ਦੀ ਪ੍ਰੀਖਿਆ

ਅਗਲੇ ਸਾਲ ਭਾਵ 2027 ’ਚ ਅੰਡਰਗ੍ਰੈਜੂਏਟ ਮੈਡੀਕਲ ਕੋਰਸਾਂ ’ਚ ਦਾਖਲੇ ਲਈ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਨੀਟ ਕੰਪਿਊਟਰ-ਆਧਾਰਤ ਹੋਵੇਗੀ। ਇਹ 6 ਦਿਨ ਚੱਲੇਗੀ। ਇਸ ਮੰਤਵ ਲਈ ਲੱਗਭਗ 1000 ਕੇਂਦਰ ਸਥਾਪਤ ਕੀਤੇ ਜਾਣਗੇ।

ਸੂਤਰਾਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਨੀਟ ਕਿਸੇ ਵੀ ਅੰਡਰਗ੍ਰੈਜੂਏਟ ਪ੍ਰੋਗਰਾਮ ’ਚ ਦਾਖਲੇ ਲਈ ਸਭ ਤੋਂ ਵੱਡੀ ਪ੍ਰੀਖਿਆ ਹੈ, ਜਿਸ ’ਚ ਲਗਭਗ 25 ਲੱਖ ਉਮੀਦਵਾਰ ਬੈਠਦੇ ਹਨ। ਪ੍ਰਸ਼ਨ ਪੱਤਰ ਲੀਕ ਤੇ ਪ੍ਰੀਖਿਆ ਦੀਆਂ ਬੇਨਿਯਮੀਆਂ ਦੇ ਵਿਵਾਦ ਤੋਂ ਬਾਅਦ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਤੋਂ ਨੀਟ ਰਵਾਇਤੀ ਪੈੱਨ-ਐਂਡ-ਪੇਪਰ ਪ੍ਰੀਖਿਆ ਦੀ ਬਜਾਏ ਕੰਪਿਊਟਰ-ਆਧਾਰਤ ਪ੍ਰੀਖਿਆ ਹੋਵੇਗੀ।

ਸੂਤਰਾਂ ਨੇ ਦੱਸਿਆ ਕਿ ਸਿੱਖਿਆ ਤੇ ਸਿਹਤ ਮੰਤਰਾਲਿਆਂ ਦਰਮਿਆਨ ਕਈ ਸਾਲਾਂ ਤੋਂ ਇਸ ਬਾਰੇ ਵਿਆਪਕ ਵਿਚਾਰ-ਵਟਾਂਦਰੇ ਚੱਲ ਰਹੇ ਹਨ ਕਿ ਨੀਟ-ਯੂ. ਜੀ. ਆਨਲਾਈਨ ਕਰਵਾਉਣੀ ਹੈ ਜਾਂ ਰਵਾਇਤੀ ਪੈੱਨ-ਐਂਡ-ਪੇਪਰ ਪ੍ਰਣਾਲੀ ਰਾਹੀਂ।

ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਜੇ. ਈ. ਈ. (ਜੁਆਇੰਟ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ) ਵਾਂਗ, ਇਹ ਪ੍ਰੀਖਿਆ ਘੱਟੋ-ਘੱਟ 6 ਦਿਨ ਚੱਲੇਗੀ। ਪ੍ਰੀਖਿਆ ਕੇਂਦਰਾਂ ਦੀ ਚੋਣ ਉਨ੍ਹਾਂ ਦੀ ਭਰੋਸੇਯੋਗਤਾ ਤੇ ਮੌਜੂਦਾ ਬੁਨਿਆਦੀ ਢਾਂਚੇ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਜਾਵੇਗੀ। ਵਿਸਤ੍ਰਿਤ ਯੋਜਨਾਬੰਦੀ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਹਰ ਸਾਲ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਨੀਟ ਦਾ ਆਯੋਜਨ ਕਰਦੀ ਹੈ।

Leave a Reply

Your email address will not be published. Required fields are marked *