ਪਤੀ-ਪਤਨੀ ਨੇ ਨਹਿਰ ਵਿੱਚ ਛਾਲ ਮਾਰਕੇ ਕੀਤੀ ਆਤਮਹੱਤਿਆ, ਪਰਿਵਾਰ ਨੇ ਪਿੰਡ ਦੇ ਵਿਅਕਤੀ ਨੂੰ ਦੱਸਿਆ ਜ਼ਿੰਮੇਵਾਰ

ਸਮਰਾਲਾ(ਕ੍ਰਿਸ਼ਨ ਲਾਲ ਚਾਨਣਾ)ਕੱਲ੍ਹ ਨੇਡ਼ੇ ਵਗਦੀ ਸਰਹੰਦ ਨਹਿਰ ਵਿਚ ਨੇਡ਼ਲੇ ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ (38) ਸਾਲ ਤੇ ਉਸਦੀ ਪਤਨੀ ਨੇਹਾ ਰਾਣੀ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਕਾਰ ਸਰਹੰਦ ਨਹਿਰ ਕਿਨਾਰੇ ਸੁਨਸਾਨ ਹਾਲਤ ਵਿਚ ਖਡ਼ੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਦੇਖਿਆ ਕਿ ਕਾਰ ਦੇ ਨੇਡ਼ੇ ਚੱਪਲਾਂ ਤੇ ਇੱਕ ਮੋਬਾਇਲ ਫੋਨ ਪਿਆ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਇਨਾਂ ਦੋਵਾਂ ਨੂੰ ਤਲਾਸ਼ ਕਰਦੇ ਹੋਏ ਮੌਕੇ ਤੇ ਪਹੁੰਚ ਗਏ। ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਤੇ ਭਰਜਾਈ ਕੱਲ ਕਰੀਬ 3:30 ਵਜੇ ਘਰੋਂ ਕਾਰ ਤੇ ਨਿੱਕਲੇ ਤੇ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਜਾ ਕੇ ਸਰਹੰਦ ਨਹਿਰ ਵਿਚ ਜਾ ਕੇ ਛਾਲ ਮਾਰ ਦਿੱਤੀ।

ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਤਿੰਨ ਵਿਅਕਤੀ ਉਸਦੇ ਭਰਾ ਤੇ ਭਰਜਾਈ ਨੂੰ ਪ੍ਰੇਸ਼ਾਨ ਕਰਦੇ ਸਨ ਕਿਉਂਕਿ ਉਨਾਂ ਕੋਲ ਕੁਝ ਇਤਰਾਜ਼ਯੋਗ ਵੀਡੀਓ ਸਨ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮੇਰੇ ਭਰਾ-ਭਰਜਾਈ ਦਾ ਦੂਜੀ ਧਿਰ ਨਾਲ ਅਦਾਲਤ ਵਿਚ ਕੇਸ ਚੱਲਦਾ ਸੀ। ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਅਕਤੀ ਉਸਦੇ ਭਰਾ ਤੇ ਭਰਜਾਈ ਤੇ ਦਬਾਅ ਪਾਉਂਦੇ ਸਨ ਕਿ ਉਹ ਕੇਸ ਵਾਪਿਸ ਲੈ ਲੈਣ ਨਹੀਂ ਤਾਂ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦੇਣਗੇ ਜਿਸ ਕਾਰਨ ਉਹ ਪ੍ਰੇਸ਼ਹਾਨ ਰਹਿੰਦੇ ਸਨ। ਗੁਰਜੰਟ ਸਿੰਘ ਨੇ ਕਿਹਾ ਕਿ ਉਨਾਂ ਦੀ ਆਤਮ ਹੱਤਿਆ ਦਾ ਕਾਰਨ ਵੀ ਇਹ ਵਿਅਕਤੀ ਹਨ। ਅੱਜ ਬਾਅਦ ਦੁਪਹਿਰ ਨਹਿਰ ਵਿਚੋਂ ਗੋਤਾਖੋਰਾਂ ਨੇ ਪਤਨੀ ਨੇਹਾ ਰਾਣੀ ਦੀ ਲਾਸ਼ ਬਰਾਮਦ ਕਰ ਲਈ ਜਿਸਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਜਦਕਿ ਉਸਦੇ ਪਤੀ ਜਸਵੰਤ ਸਿੰਘ ਦੀ ਨਹਿਰ ਵਿਚੋਂ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਜਾ ਰਹੇ ਹਨ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ। ਮ੍ਰਿਤਕ ਜਸਵੰਤ ਸਿੰਘ ਕਿੱਤੇ ਵਜੋਂ ਟੈਕਸੀ ਚਾਲਕ ਸੀ ਤੇ ਬਹੁਤ ਹੀ ਸਾਊ ਸੁਭਾਅ ਦਾ ਮਾਲਕ ਸੀ ਤੇ ਦੋਵਾਂ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਉੱਥੇ ਹੀ ਮਾਛੀਵਾੜਾ ਸਾਹਿਬ ਦੇ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਵਿੱਚ ਹੀ ਇਹਨਾਂ ਦਾ ਕਿਸੇ ਨਾਲ ਕੋਰਟ ਕੇਸ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *