ਸਾਡਾ ਧਿਆਨ ਪੂਰੇ ਸ਼ਹਿਰ ਦੇ ਸਮੁੱਚੇ ਟਿਕਾਊ ਵਿਕਾਸ ‘ਤੇ ਹੈ – ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ
ਲੁਧਿਆਣਾ, ਰਾਮ ਕ੍ਰਿਸ਼ਨ ਅਰੋੜਾ,,ਨਗਰ ਨਿਗਮ ਦੇ ਜਨਰਲ ਹਾਊਸ ਨੇ ਵੀਰਵਾਰ ਨੂੰ ਮਾਤਾ ਰਾਣੀ ਚੌਕ ਨੇੜੇ ਨਗਰ ਨਿਗਮ ਜ਼ੋਨ ਏ ਦਫ਼ਤਰ ਵਿਖੇ ਹੋਈ ਨਗਰ ਨਿਗਮ ਦੇ 7ਵੇਂ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਵਿੱਤੀ ਸਾਲ 2025-26 ਲਈ ਲਗਭਗ 1100 ਕਰੋੜ ਰੁਪਏ ਦੇ ਸਾਲਾਨਾ ਬਜਟ ਨੂੰ ਪ੍ਰਵਾਨਗੀ ਦਿੱਤੀ।

ਮੀਟਿੰਗ ਦੀ ਪ੍ਰਧਾਨਗੀ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕੀਤੀ, ਜਦੋਂ ਕਿ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਦੱਖਣੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਵਧੀਕ ਕਮਿਸ਼ਨਰ ਪਰਮਦੀਪ ਸਿੰਘ ਸਮੇਤ ਹੋਰ ਕੌਂਸਲਰਾਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਲੁਧਿਆਣਾ ਪੱਛਮੀ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਮੇਅਰ ਪ੍ਰਿੰਸ ਜੌਹਰ ਦੇ ਪਿਤਾ ਰਾਜ ਕੁਮਾਰ ਜੌਹਰ ਅਤੇ ਕੌਂਸਲਰ (ਵਾਰਡ ਨੰਬਰ 8) ਰਾਜ ਕੁਮਾਰ, ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਦੇਹਾਂਤ ਹੋ ਗਿਆ ਸੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਇਸ ਬਜਟ ਵਿੱਚ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਗਿਆ ਹੈ ਅਤੇ ਇਹ ਇੱਕ ਵਿਆਪਕ ਬਜਟ ਹੈ ਜਿਸ ਵਿੱਚ ਪੂਰੇ ਸ਼ਹਿਰ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸ਼ਹਿਰ ਵਿੱਚ ਵਿਕਾਸ ਕਾਰਜਾਂ ਲਈ ਲਗਭਗ 400 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚ ਸੜਕਾਂ ਦੇ ਪੁਨਰ ਨਿਰਮਾਣ/ਮੁਰੰਮਤ, ਪਾਣੀ-ਸੀਵਰ ਲਾਈਨਾਂ ਦੀ ਸਥਾਪਨਾ, ਸਟਰੀਟ ਲਾਈਟਾਂ ਦੀ ਖਰੀਦ ਅਤੇ ਰੱਖ-ਰਖਾਅ, ਪਾਰਕਾਂ ਦੀ ਦੇਖਭਾਲ ਆਦਿ ਸ਼ਾਮਲ ਹਨ।

ਆਮਦਨ ਦੇ ਮੁੱਖ ਸਰੋਤਾਂ ਬਾਰੇ ਗੱਲ ਕਰਦੇ ਹੋਏ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਸ਼ਾਖਾ ਅਧੀਨ ਸਾਲਾਨਾ ਰਿਕਵਰੀ ਟੀਚਾ 160 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਪਾਣੀ-ਸੀਵਰ ਬਿੱਲਾਂ ਦਾ ਰਿਕਵਰੀ ਟੀਚਾ 60 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਬਿਲਡਿੰਗ ਸ਼ਾਖਾ ਲਈ ਰਿਕਵਰੀ ਟੀਚਾ 75 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਨਗਰ ਨਿਗਮ ਨੂੰ ਵਿੱਤੀ ਸਾਲ 2025-26 ਦੌਰਾਨ ਜੀ.ਐਸ.ਟੀ ਹਿੱਸੇ ਵਜੋਂ 680 ਕਰੋੜ ਰੁਪਏ ਪ੍ਰਾਪਤ ਹੋਣ ਦੀ ਉਮੀਦ ਹੈ। ਆਮਦਨ ਦੇ ਹੋਰ ਸਰੋਤਾਂ ਵਿੱਚ ਰੈਂਟ/ਲੀਜ਼, ਤਹਿਬਾਜ਼ਾਰੀ ਫੀਸ, ਇਸ਼ਤਿਹਾਰ ਟੈਕਸ, ਵਾਧੂ ਆਬਕਾਰੀ ਡਿਊਟੀ ਆਦਿ ਸ਼ਾਮਲ ਹਨ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਧਿਆਨ ਸਮੁੱਚੇ ਟਿਕਾਊ ਵਿਕਾਸ ‘ਤੇ ਹੈ। ਇਨ੍ਹਾਂ ਲੀਹਾਂ ‘ਤੇ ਕੰਮ ਕਰਦੇ ਹੋਏ, ਸੂਬੇ ਦੇ ਉਦਯੋਗਿਕ ਹੱਬ ਵਜੋਂ ਜਾਣੇ ਜਾਂਦੇ ਲੁਧਿਆਣਾ ਦੇ ਵਿਕਾਸ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ।
ਇਸ ਦੌਰਾਨ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਨਿਵਾਸੀਆਂ ਅਤੇ ਸਾਰੀਆਂ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਪਰਿਵਾਰ ਵਾਂਗ ਲੁਧਿਆਣਾ ਦੀ ਬਿਹਤਰੀ ਲਈ ਕੰਮ ਕਰਨ ਅਤੇ ਨਗਰ ਨਿਗਮ ਦਾ ਸਮਰਥਨ ਕਰਨ ਜੋਕਿ ਇਹ ਲੁਧਿਆਣਾ ਨੂੰ ਨੰਬਰ 1 ਸ਼ਹਿਰ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਿਹਾ ਹੈ।