21 ਤੇ 22 ਜੁਲਾਈ ਨੂੰ ਸਮੂਹਿਕ ਛੁੱਟੀ, ਮੁਲਾਜ਼ਮਾਂ ਨੇ ਕੀਤਾ ਵੱਡਾ ਐਲਾਨ

ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਚਾਹਲ ਨੇ ਮੁਲਾਜ਼ਮ ਲਹਿਰ ਦੇ ਸੰਘਰਸ਼ ਨੂੰ ਤੇਜ਼ ਅਤੇ ਲਾਮਬੰਦ ਕਰਨ ਲਈ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਬਿਜਲੀ ਨਿਗਮ ’ਚ ਮੋਬਾਈਲ ਖਰੀਦ ਘੁਟਾਲਾ, ਟੈਂਡਰ ਘੁਟਾਲਾ ਤੇ ਹਰ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਦੀ ਸੀ. ਬੀ. ਆਈ. ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ 16 ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਸੱਦੇ ਨੂੰ ਲਾਗੂ ਕਰਨ ਲਈ ਜਥੇਬੰਦੀ ਨੇ ਸੂਬਾਈ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ, ਮਹਿੰਗਾਈ ਭੱਤੇ ਬਾਰੇ ਸਰਕਾਰ ਹਠਧਰਮੀ ਧਾਰਨ ਕਰੀ ਬੈਠੀ ਹੈ।

ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮੈਨੇਜਮੈਂਟ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀ ਇਸ ਕਾਰਵਾਈ ਅਤੇ ਹੋਰਨਾਂ ਮੰਗਾਂ ਨਾ ਮੰਨਣ ਵਿਰੁੱਧ 14 ਜੁਲਾਈ ਨੂੰ ਸਮੁੱਚੇ ਪੰਜਾਬ ਦੀਆਂ ਸਬ ਡਵੀਜ਼ਨਾਂ, ਹਾਈਡਲ ਦਫ਼ਤਰਾਂ, ਥਰਮਲ ਪਲਾਂਟਾਂ ’ਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੈਲੀਆਂ ਕਰਨਗੇ। ਉਨ੍ਹਾਂ ਕਿਹਾ ਕਿ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਪ੍ਰਦਰਸ਼ਨ ’ਚ ਬਿਜਲੀ ਮੁਲਾਜ਼ਮ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ 21 ਤੇ 22 ਜੁਲਾਈ ਨੂੰ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ ਅਤੇ ਪੈਨਸ਼ਨਰ ਗ੍ਰਿਫ਼ਤਾਰੀਆਂ ਦੇਣਗੇ। ਵਰਕ ਟੂ ਰੂਲ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਸੂਬਾਈ ਮੀਟਿੰਗ ’ਚ ਦਰਸ਼ਨ ਸਿੰਘ ਰਾਜੀਆ, ਰਘਬੀਰ ਸਿੰਘ ਘੱਗਾ, ਹਰੀ ਸਿੰਘ ਪਾਤੜਾਂ, ਦਰਸ਼ਨ ਸਿੰਘ, ਰਿਸ਼ੂ ਅਰੋੜਾ, ਪ੍ਰਤਾਪ ਸਿੰਘ, ਗੁਰਦੀਪ ਸਿੰਘ ਬੋਲੜਕਲਾ ਅਤੇ ਅਜੀਤ ਸਿੰਘ ਮੌਲਵੀਵਾਲਾ ਹਾਜ਼ਰ ਸਨ।

Leave a Reply

Your email address will not be published. Required fields are marked *