ਇਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ

ਇੱਥੇ ਸੁਸ਼ਮਾ ਵਲੈਂਸੀਆ ਸੁਸਾਇਟੀ ਦੇ ਬਿਜਲੀ ਸੰਕਟ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪਾਵਰਕਾਮ ਨੇ ਇਕ ਪਾਸੇ ਵਸਨੀਕਾਂ ਨੂੰ ਆਰਜ਼ੀ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਦੂਜੇ ਪਾਸੇ ਸੁਸਾਇਟੀ ਦੇ ਫ਼ਰਾਰ ਹੋ ਚੁੱਕੇ ਬਿਲਡਰ ਖ਼ਿਲਾਫ਼ ਵਿੱਤੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਾਵਰਕਾਮ ਨੇ ਗਮਾਡਾ ਸਮੇਤ ਸਬੰਧਿਤ ਵਿਭਾਗਾਂ ਨੂੰ ਪੱਤਰ ਲਿਖ ਕੇ ਬਿਲਡਰ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਬੈਂਕ ਗਾਰੰਟੀਆਂ ’ਚੋਂ ਆਪਣੇ ਬਣਦੇ ਕਰੀਬ 4 ਕਰੋੜ 32 ਲੱਖ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ। ਬਿਜਲੀ ਕੁਨੈਕਸ਼ਨਾਂ ਦੇ ਮਾਮਲੇ ’ਚ ਹੋ ਰਹੀ ਦੇਰੀ ਤੋਂ ਨਾਰਾਜ਼ ਸੁਸ਼ਮਾ ਵਲੈਂਸੀਆ ਦੇ ਵਸਨੀਕਾਂ ਨੇ ਪਾਵਰਕਾਮ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ।

ਵਸਨੀਕਾਂ ਨੇ ਮੰਗ ਕੀਤੀ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਤੁਰੰਤ ਆਰਜ਼ੀ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾਣ। ਜਾਣਕਾਰੀ ਅਨੁਸਾਰ ਹਾਈਕੋਰਟ ਨੇ 5 ਜੂਨ ਨੂੰ ਜਾਰੀ ਆਪਣੇ ਹੁਕਮਾਂ ’ਚ ਪਾਵਰਕਾਮ ਨੂੰ ਸੁਸਾਇਟੀ ਦੇ ਯੋਗ ਖ਼ਪਤਕਾਰਾਂ ਨੂੰ ਆਰਜ਼ੀ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਪਾਵਰਕਾਮ ਨੂੰ 15 ਦਿਨਾਂ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ। ਹਾਈਕੋਰਟ ਦੇ ਹੁਕਮਾਂ ਦੇ ਅਗਲੇ ਹੀ ਦਿਨ 6 ਜੂਨ ਨੂੰ ਪਾਵਰਕਾਮ ਵੱਲੋਂ ਗਮਾਡਾ ਅਤੇ ਹੋਰ ਸਬੰਧਿਤ ਅਥਾਰਟੀਆਂ ਨੂੰ ਪੱਤਰ ਭੇਜੇ ਗਏ। ਪਾਵਰਕਾਮ ਨੇ ਕਿਹਾ ਹੈ ਕਿ ਸੁਸਾਇਟੀ ਦੇ ਬਿਲਡਰ ਵੱਲੋਂ ਵਿਭਾਗ ਦੇ ਕਰੀਬ 4.32 ਕਰੋੜ ਰੁਪਏ ਬਕਾਇਆ ਹਨ ਕਿਉਂਕਿ ਬਿਲਡਰ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਲਈ ਵਿਭਾਗ ਨੇ ਵੱਖ-ਵੱਖ ਸਰਕਾਰੀ ਅਥਾਰਟੀਆਂ ਕੋਲ ਜਮ੍ਹਾਂ ਕਰਵਾਈਆਂ ਗਈਆਂ ਉਸ ਦੀਆਂ ਬੈਂਕ ਗਾਰੰਟੀਆਂ ’ਚੋਂ ਆਪਣੀ ਬਣਦੀ ਰਕਮ ਜਾਰੀ ਕਰਨ ਦੀ ਮੰਗ ਕੀਤੀ ਹੈ।

ਵਿਭਾਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਵਚਨਬੱਧ : ਗਿੱਲ
ਇਸ ਸਬੰਧੀ ਪਾਵਰਕਾਮ ਸੁਪਰੀਟੈਂਡਿੰਗ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਕੁਨੈਕਸ਼ਨ ਜਾਰੀ ਕਰਨ ਲਈ ਖ਼ਪਤਕਾਰਾਂ ਤੋਂ ਲੋੜੀਂਦੇ ਦਸਤਾਵੇਜ਼ ਮੰਗੇ ਜਾ ਰਹੇ ਹਨ। ਇਸ ਦੇ ਨਾਲ-ਨਾਲ ਖ਼ਪਤਕਾਰਾਂ ਤੋਂ ਇਹ ਜਾਣਕਾਰੀ ਵੀ ਲਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿੰਨੇ ਬਿਜਲੀ ਲੋਡ ਦੀ ਲੋੜ ਹੈ। ਜਿਸ ਖ਼ਪਤਕਾਰ ਵੱਲੋਂ ਜਿੰਨੇ ਲੋਡ ਲਈ ਅਰਜ਼ੀ ਦਿੱਤੀ ਜਾਵੇਗੀ, ਉਸ ਨੂੰ ਉਸੇ ਅਨੁਸਾਰ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *