ਵਿਗਿਆਨੀਆਂ ਦੀ ਖੋਜ ਹੁਣ ਸੰਕੇਤ ਦੇ ਰਹੀ ਹੈ ਕਿ ਦੰਦਾਂ ਦੀ ਸਹੀ ਸਫਾਈ ਨਾ ਕਰਨਾ ਸਿਰਫ਼ ਮੂੰਹ ਤੱਕ ਸੀਮਤ ਸਮੱਸਿਆ ਨਹੀਂ ਹੈ ਸਗੋਂ ਇਹ ਸਰੀਰ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰ ਸਕਦਾ ਹੈ। ਮਾਹਿਰਾਂ ਅਨੁਸਾਰ ਬੁਰਸ਼ ਅਤੇ ਫਲੌਸਿੰਗ ਦੀ ਅਣਦੇਖੀ ਕਾਰਨ ਹੋਣ ਵਾਲੀ ਮਸੂੜਿਆਂ ਦੀ ਬਿਮਾਰੀ ਸਰੀਰ ਵਿਚ ਲਗਾਤਾਰ ਸੋਜ ਪੈਦਾ ਕਰ ਸਕਦੀ ਹੈ, ਜਿਸ ਨੂੰ ‘ਇਨਫਲੇਮਏਜਿੰਗ’ ਕਿਹਾ ਜਾਂਦਾ ਹੈ। ਇਹ ਸਥਿਤੀ ਦਿਲ, ਦਿਮਾਗ ਅਤੇ ਇਮਿਊਨ ਸਿਸਟਮ ਸਮੇਤ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੂੰਹ ਸਰੀਰ ਦੇ ਕਈ ਮਹੱਤਵਪੂਰਨ ਪ੍ਰਣਾਲੀਆਂ ਨਾਲ ਸਿੱਧਾ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਅਤੇ ਮਸੂੜਿਆਂ ਵਿਚ ਇਨਫੈਕਸ਼ਨ ਹੋਣ ‘ਤੇ ਬੈਕਟੀਰੀਆ ਅਤੇ ਸੋਜ ਪੂਰੇ ਸਰੀਰ ਵਿਚ ਫੈਲ ਸਕਦੀ ਹੈ। ਡਾ. ਨੀਮਾ ਅਨੁਸਾਰ ਮਸੂੜਿਆਂ ਦੀ ਬਿਮਾਰੀ ਖੂਨ ਦੀਆਂ ਨਾੜੀਆਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨੂੰ ਧਮਨੀਆਂ ਦੇ ਸਮੇਂ ਤੋਂ ਪਹਿਲਾਂ ਬੁੱਢੇ ਹੋਣ ਦਾ ਸ਼ੁਰੂਆਤੀ ਸੰਕੇਤ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੱਕ ਰਹਿਣ ਵਾਲੀ ਸੋਜ ਸਰੀਰ ਦੇ ਵੱਖ-ਵੱਖ ਅੰਗਾਂ ‘’ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਉਮਰ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵਧ ਸਕਦੀਆਂ ਹਨ।
ਮੂੰਹ ਦੀ ਸਿਹਤ ਅਕਸਰ ਸਰੀਰ ਦੀ ਅੰਦਰੂਨੀ ਸਥਿਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਅਨੁਸਾਰ ਲਗਾਤਾਰ ਓਰਲ ਇਨਫੈਕਸ਼ਨ ਰਹਿਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਫਲੌਸਿੰਗ ਮਸੂੜਿਆਂ ਦੀ ਸੋਜ ਨੂੰ ਰੋਕਣ ਵਿਚ ਮਦਦ ਕਰਦੀ ਹੈ। ਇਸ ਨਾਲ ਸਰੀਰ ਵਿਚ ‘ਕ੍ਰੋਨਿਕ ਇਨਫਲੇਮੇਸ਼ਨ’ ਘੱਟ ਹੋ ਸਕਦੀ ਹੈ, ਜੋ ਦਿਲ ਦੀ ਬਿਮਾਰੀ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਣ ਵਿਚ ਸਹਾਇਕ ਹੈ।
ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਮਸੂੜਿਆਂ ’ਚੋਂ ਖੂਨ ਆਉਣਾ।
ਸਾਹ ’ਚੋਂ ਲਗਾਤਾਰ ਬਦਬੂ ਆਉਣਾ।
ਦੰਦਾਂ ’ਚ ਝਣਝਣਾਹਟ ਹੋਣਾ।
ਦੰਦਾਂ ਦਾ ਹਿੱਲਣਾ।
ਮੂੰਹ ਦੇ ਛਾਲੇ ਜੋ ਜਲਦੀ ਠੀਕ ਨਾ ਹੋਣ।
ਕੁਝ ਚਬਾਉਣ ’ਚ ਪ੍ਰੇਸ਼ਾਨੀ ਹੋਣਾ।
