ਫੈਡਰਲ ਰਿਜ਼ਰਵ ਦੇ ਵਿਆਜ ਦਰ ’ਤੇ ਫੈਸਲੇ ਤੋਂ ਲੈ ਕੇ ਟਰੰਪ ਟੈਰਿਫ ਨਾਲ ਤੈਅ ਹੋਵੇਗੀ ‘ਬਾਜ਼ਾਰ ਦੀ ਦਿਸ਼ਾ’

( ਰਾਮ ਕ੍ਰਿਸ਼ਨ ਅਰੋੜਾ ) ਅਮਰੀਕੀ ਕੇਂਦਰੀ ਬੈਂਕ ਦੇ ਵਿਆਜ ਦਰ ’ਤੇ ਫ਼ੈਸਲੇ, ਗਲੋਬਲ ਰੁਝਾਨ, ਟੈਰਿਫ ਨਾਲ ਸਬੰਧਤ ਘਟਨਾਚੱਕਰ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀਆਂ ਸਰਗਰਮੀਆਂ ਇਸ ਹਫ਼ਤੇ ਸਥਾਨਕ ਸ਼ੇਅਰ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੀਆਂ। ਵਿਸ਼ਲੇਸ਼ਕਾਂ ਨੇ ਇਹ ਰਾਏ ਪ੍ਰਗਟਾਈ ਹੈ। ਵਿਸ਼ਾਲ ਆਰਥਕ ਅੰਕੜਿਆਂ ਦੇ ਐਲਾਨ ਦਰਮਿਆਨ ਫਰਵਰੀ ਲਈ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੇ ਅੰਕੜੇ ਸੋਮਵਾਰ ਨੂੰ ਆਉਣਗੇ।

ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਰਿਸਰਚ ਹੈੱਡ ਵਿਨੋਦ ਨਾਇਰ ਨੇ ਕਿਹਾ, ‘‘ਗਲੋਬਲ ਵਪਾਰ ਨੂੰ ਲੈ ਕੇ ਲਗਾਤਾਰ ਬੇਭਰੋਸਗੀਆਂ ਅਤੇ ਅਮਰੀਕਾ ’ਚ ਮੰਦੀ ਦਾ ਖਦਸ਼ਾ ਸਥਾਨਕ ਬਾਜ਼ਾਰ ਦੀ ਰਫਤਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਰੁਖ਼ ਜਾਰੀ ਰਹੇਗਾ।”

ਉਨ੍ਹਾਂ ਕਿਹਾ, ‘‘ਹਾਲਾਂਕਿ, ਹਾਲੀਆ ‘ਕਰੈਕਸ਼ਨ’ ਤੋਂ ਬਾਅਦ ਮੁੱਲਾਂਕਣ ’ਚ ਕਮੀ, ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ, ਡਾਲਰ ਸੂਚਕ ਅੰਕ ’ਚ ਨਰਮੀ ਅਤੇ ਆਉਣ ਵਾਲੀਆਂ ਤਿਮਾਹੀਆਂ ’ਚ ਘਰੇਲੂ ਕੰਪਨੀਆਂ ਦੀ ਆਮਦਨੀ ’ਚ ਉਛਾਲ ਦੀ ਉਮੀਦ ਵਰਗੇ ਕਾਰਕ ਬਾਜ਼ਾਰ ਦੇ ਉਤਾਰ-ਚੜ੍ਹਾਅ ’ਤੇ ਕੁਝ ਲਗਾਮ ਲਾ ਸਕਦੇ ਹਨ। ਹਾਲਾਂਕਿ, ਮੌਜੂਦਾ ਵਪਾਰ ਨੂੰ ਲੈ ਕੇ ਬੇਭਰੋਸਗੀਆਂ ਬਰਕਰਾਰ ਹਨ।”

ਨਾਇਰ ਨੇ ਕਿਹਾ, ‘‘ਇਸ ਹਫ਼ਤੇ ਚੀਨ ਦੇ ਛੋਟੇ ਵਿਕਰੀ ਅਤੇ ਉਦਯੋਗਕ ਉਤਪਾਦਨ ਦੇ ਅੰਕੜੇ ਉੱਥੋਂ ਦੀ ਆਰਥਕ ਵਾਧਾ ਦਰ ਨੂੰ ਲੈ ਕੇ ਸਪੱਸ਼ਟ ਤਸਵੀਰ ਪੇਸ਼ ਕਰਨਗੇ।’’

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਦੇ ਪ੍ਰਚੂਨ ਵਿਕਰੀ ਅਤੇ ਉਤਪਾਦਨ ਦੇ ਅੰਕੜਿਆਂ ’ਤੇ ਵੀ ਰਹੇਗੀ। ਨਾਲ ਹੀ, ਹਫ਼ਤੇ ਦੌਰਾਨ ਬੈਂਕ ਆਫ ਇੰਗਲੈਂਡ ਵੀ ਵਿਆਜ ਦਰ ਨੂੰ ਲੈ ਕੇ ਫ਼ੈਸਲੇ ਦਾ ਐਲਾਨ ਕਰੇਗਾ। ਇਸ ’ਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ। ਪਿਛਲੇ ਹਫ਼ਤੇ ਗਲੋਬਲ ਵਪਾਰ ਨੂੰ ਲੈ ਕੇ ਤਣਾਅ ਵਧਣ ਅਤੇ ਅਮਰੀਕਾ ’ਚ ਮੰਦੀ ਦੇ ਖਦਸ਼ੇ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਸੀ।

ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁਖੀ (ਖੋਜ, ਜਾਇਦਾਦ ਪ੍ਰਬੰਧਨ) ਸਿੱਧਾਰਥ ਖੇਮਕਾ ਨੇ ਕਿਹਾ, ‘‘ਇਸ ਹਫ਼ਤੇ, ਸਾਡਾ ਅੰਦਾਜ਼ਾ ਹੈ ਕਿ ਬਾਜ਼ਾਰ ਕੁਝ ਉਤਾਰ-ਚੜ੍ਹਾਅ ਨਾਲ ਸੀਮਿਤ ਘੇਰੇ ’ਚ ਰਹੇਗਾ। ਬਾਜ਼ਾਰ ਦੀ ਦਿਸ਼ਾ ਗਲੋਬਲ ਰੁਖ਼ ਅਤੇ ਅਮਰੀਕੀ ਟੈਰਿਫ ਨੀਤੀਆਂ ਨਾਲ ਤੈਅ ਹੋਵੇਗੀ।

ਪਿਛਲੇ ਹਫ਼ਤੇ ਛੁੱਟੀਆਂ ਦੇ ਕਾਰਨ ਘੱਟ ਕਾਰੋਬਾਰੀ ਸੈਸ਼ਨਾਂ ਦੌਰਾਨ ਬੀ. ਐੱਸ. ਈ. ਦੇ 30 ਸ਼ੇਅਰਾਂ ਵਾਲੇ ਸੈਂਸੈਕਸ ’ਚ 503.67 ਅੰਕ ਭਾਵ 0.67 ਫ਼ੀਸਦੀ ਦੀ ਗਿਰਾਵਟ ਆਈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 155.21 ਅੰਕ ਭਾਵ 0.68 ਫ਼ੀਸਦੀ ਦੇ ਨੁਕਸਾਨ ’ਚ ਰਿਹਾ।

ਮਹਿਤਾ ਇਕਵਿਟੀਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਪ੍ਰਸ਼ਾਂਤ ਤਾਪਸੇ ਨੇ ਕਿਹਾ, ‘‘ਨਿਵੇਸ਼ਕ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀ ਵਸਤਾਂ ’ਤੇ ਟੈਰਿਫ ਲਾਏ ਜਾਣ ਦੇ ਖਦਸ਼ੇ ਅਤੇ ਇਸ ਦੇ ਕੁੱਲ ਪ੍ਰਭਾਵ ਨੂੰ ਲੈ ਕੇ ਚਿੰਤਿਤ ਹਨ। ਅਜਿਹੇ ’ਚ ਕੁਝ ਹੋਰ ਸਮੇਂ ਤੱਕ ਨਕਾਰਾਤਮਕ ਰੁਖ਼ ਬਣੇ ਰਹਿਣ ਦੀ ਸੰਭਾਵਨਾ ਹੈ।”

Leave a Reply

Your email address will not be published. Required fields are marked *