ਮਿਡ-ਡੇਅ-ਮੀਲ ਯੋਜਨਾ ਤਹਿਤ ਕਰਮਚਾਰੀ ਮਹਿਲਾਵਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੋਵੇਗਾ ਨਿਪਟਾਰਾ – ਦਲਜੀਤ ਸਿੰਘ ਗਰੇਵਾਲ ਭੋਲਾ
ਲੁਧਿਆਣਾ, ,ਰਾਮ ਕ੍ਰਿਸ਼ਨ ਅਰੋੜਾ,,, ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਮਿਡ-ਡੇਅ-ਮੀਲ ਯੋਜਨਾ ਤਹਿਤ ਕੰਮ ਕਰ ਰਹੀਆਂ ਮਹਿਲਾਵਾਂ ਅਤੇ ਹੋਰ ਕਰਮਚਾਰੀਆਂ ਦੀ ਤਨਖਾਹ ਸਬੰਧੀ ਮੁੱਦਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੱਸਿਆ ਕਿ ਮਿਡ-ਡੇਅ- ਮੀਲ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ ਬਣਾ ਰਹੀਆਂ ਮਹਿਲਾਵਾਂ ਅਤੇ ਹੋਰ ਕਰਮਚਾਰੀਆਂ ਵੱਲੋਂ ਤਨਖਾਹ ਸਬੰਧੀ ਉਹਨਾਂ ਨਾਲ ਕਈ ਵਾਰ ਗੱਲਬਾਤ ਕੀਤੀ ਗਈ ਅਤੇ ਉਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਸਾਡੀ ਗੱਲ ਨੂੰ ਸਰਕਾਰ ਤੱਕ ਜਰੂਰ ਪਹੁੰਚਾਓ ਕਿਉਂਕਿ ਸਰਕਾਰ ਸਕੂਲਾਂ ‘ਤੇ ਹਜ਼ਾਰਾਂ-ਕਰੋੜਾਂ ਰੁਪਏ ਤਾਂ ਜਰੂਰ ਖਰਚ ਰਹੀ ਹੈ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ।
ਉਹਨਾਂ ਦੱਸਿਆ ਕਿ ਕਈ ਮਹਿਲਾਵਾਂ ਆਪਣੀ ਡਿਊਟੀ ‘ਤੇ ਪਹੁੰਚਣ ਲਈ 700 ਤੋਂ 800 ਰੁਪਏ ਕਿਰਾਇਆ ਖਰਚ ਕੇ ਸਕੂਲ ਤੱਕ ਪਹੁੰਚਦੀਆਂ ਹਨ ਅਤੇ ਉਹਨਾਂ ਨੂੰ ਤਨਖਾਹ ਦੇ ਰੂਪ ਵਿੱਚ 3000 ਰੁਪਏ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਘੱਟ ਹਨ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ।
ਉਹਨਾਂ ਮਾਨਯੋਗ ਸਪੀਕਰ ਰਾਹੀਂ ਅਪੀਲ ਕੀਤੀ ਕਿ ਮਿਡ-ਡੇਅ-ਮੀਲ ਤਹਿਤ ਕੰਮ ਕਰ ਰਹੀਆਂ ਮਹਿਲਾਵਾਂ ਅਤੇ ਹੋਰ ਕਰਮਚਾਰੀਆਂ ਦੀ ਤਨਖਾਹ ਸਬੰਧੀ ਜਰੂਰ ਵਿਚਾਰ ਕੀਤੇ ਜਾਣ। ਵਿਧਾਇਕ ਗਰੇਵਾਲ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਵਿਚਾਰ ਕਰਕੇ ਸਰਕਾਰ ਵੱਲੋਂ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ।