ਸਮਰਾਲਾ (ਕ੍ਰਿਸ਼ਨ ਲਾਲ ਚਾਨਣਾ )ਮਾਛੀਵਾਡ਼ਾ ਸਾਹਿਬ,ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਅੱਜ ਮਾਛੀਵਾਡ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਜੋ ਪੰਜਾਬ ਵਿਚ 32 ਬੰਬਾਂ ਬਾਰੇ ਗੱਲ ਕਹੀ ਹੈ ਉਸ ਬਾਰੇ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੂੰ ਕਿਹਡ਼ੀਆਂ ਏਜੰਸੀਆਂ ਜਾਂ ਹੋਰ ਸੂਤਰਾਂ ਨੇ ਸੂਚਨਾ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ 3.50 ਕਰੋਡ਼ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਬਿਆਨ ਦਿੱਤਾ ਕਿ 18 ਬੰਬ ਫਟ ਚੁੱਕੇ ਹਨ ਅਤੇ 32 ਬੰਬ ਬਕਾਇਆ ਹਨ ਜਿਨ੍ਹਾਂ ਨੂੰ ਅਜਿਹੀਆਂ ਹਾਸੋਹੀਣ ਤੇ ਬਚਕਾਨੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬੀਆਂ ਦੀ ਜ਼ਿੰਦਗੀ ਨਾਲ ਖਿਲਵਾਡ਼ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਜੋ ਸੂਤਰ ਹਨ ਉਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਫਿਰ ਆਪਣੀ ਗਲਤੀ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਕੇਵਲ ਸਗੂਫ਼ਾ ਛੱਡਿਆ ਸੀ। ਮੰਤਰੀ ਸੌਂਦ ਨੇ ਕਿਹਾ ਕਿ ਇਸ ਤੋਂ ਵੱਡੀ ਖਤਰਨਾਕ ਗੱਲ ਇਹ ਹੋਈ ਹੈ ਕਿ ਵਿਦੇਸ਼ ਵਿਚ ਬੈਠਾ ਗੁਰਪਤਵੰਤ ਸਿੰਘ ਪੰਨੂ ਜੋ ਪੰਜਾਬ ਤੇ ਦੇਸ਼ ਦਾ ਮਾਹੌਲ ਖ਼ਰਾਬ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਉਹ ਵੀ ਬਾਜਵਾ ਦੇ ਬਿਆਨ ਦਾ ਸਮਰਥਨ ਕਰ ਰਿਹਾ ਹੈ। ਇਸ ਤੋਂ ਖਤਰਨਾਕ ਇਹ ਵੀ ਗੱਲ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੇ ਬਾਜਵਾ ਨਾਲ ਸਬੰਧ ਹਨ ਜੋ ਪਾਕਿਸਤਾਨ ਦੀ ਸ਼ਹਿ ’ਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦੇ ਅਜਿਹੇ ਬਿਆਨਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹ ਦੇਸ਼ ਦੀਆਂ ਉੱਚ ਪੱਧਰੀ ਏਜੰਸੀਆਂ ਨੂੰ ਵੀ ਪ੍ਰਤਾਪ ਸਿੰਘ ਬਾਜਵਾ ਤੋਂ ਮਾਮਲੇ ਸਬੰਧੀ ਪੁੱਛਗਿੱਛ ਕਰਨੀ ਚਾਹੀਦੀ ਹੈ।
