ਭਾਰਤ ’ਚ ਹਰ ਪੰਜਵਾਂ ਬਾਲਗ ਹਾਈ ਬੀ.ਪੀ. ਦਾ ਮਰੀਜ਼, ਡਾਕਟਰਾਂ ਨੇ ਦਿੱਤੀ ਰੋਜ਼ਾਨਾ ਜਾਂਚ ਦੀ ਸਲਾਹ

ਹਾਈ ਬੀ.ਪੀ. (ਹਾਈ ਬਲੱਡ ਪ੍ਰੈਸ਼ਰ) ਹੁਣ ਸਿਰਫ ਬਜ਼ੁਰਗਾਂ ਦੀ ਬੀਮਾਰੀ ਨਹੀਂ ਰਹਿ ਗਿਆ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-6, 2023-24) ਦੇ ਅਨੁਸਾਰ, ਭਾਰਤ ਵਿਚ 15 ਸਾਲ ਤੋਂ ਵੱਧ ਉਮਰ ਦੀਆਂ 19.4 ਫ਼ੀਸਦੀ ਔਰਤਾਂ ਅਤੇ 22.1 ਫ਼ੀਸਦੀ ਮਰਦ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਜਾਂ ਇਸ ਲਈ ਦਵਾਈ ਲੈ ਰਹੇ ਹਨ। ਭਾਵ ਦੇਸ਼ ਵਿਚ ਲੱਗਭਗ ਹਰ ਪੰਜਵਾਂ ਬਾਲਗ ਇਸ ਬੀਮਾਰੀ ਦੀ ਲਪੇਟ ਵਿਚ ਹੈ। ਪੇਂਡੂ ਖੇਤਰਾਂ ਦੀ ਤੁਲਨਾ ਵਿਚ ਸ਼ਹਿਰੀ ਇਲਾਕਿਆਂ ਵਿਚ ਇਸ ਦੇ ਮਰੀਜ਼ ਜ਼ਿਆਦਾ ਹਨ।

ਲੱਛਣ ਨਾ ਦਿਖਣ ਕਾਰਨ ਵਧ ਰਹੀ ਚਿੰਤਾ
ਦਿਲ ਦੇ ਰੋਗਾਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਨੂੰ ‘ਸਾਈਲੈਂਟ ਕਿਲਰ’ ਕਿਹਾ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿਚ ਸ਼ੁਰੂਆਤੀ ਦੌਰ ਵਿਚ ਕੋਈ ਸਪੱਸ਼ਟ ਲੱਛਣ ਦਿਖਾਈ ਨਹੀਂ ਦਿੰਦੇ। ਕਈ ਲੋਕਾਂ ਨੂੰ ਬੀਮਾਰੀ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਉਨ੍ਹਾਂ ਨੂੰ ਹਾਰਟ ਅਟੈਕ, ਸਟ੍ਰੋਕ ਜਾਂ ਕਿਡਨੀ ਨਾਲ ਜੁੜੀ ਗੰਭੀਰ ਸਮੱਸਿਆ ਹੋ ਜਾਂਦੀ ਹੈ।

ਨੌਜਵਾਨਾਂ ਵਿਚ ਵਧ ਰਹੀ ਸਮੱਸਿਆ
ਮਾਹਰਾਂ ਅਨੁਸਾਰ, ਅੱਜ ਦੇ ਨੌਜਵਾਨ ਖ਼ੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਮੰਨਦੇ ਹਨ ਅਤੇ ਨਿਯਮਿਤ ਤੌਰ ’ਤੇ ਸਿਹਤ ਦੀ ਜਾਂਚ ਨਹੀਂ ਕਰਵਾਉਂਦੇ। ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ, ਫਾਸਟ ਫੂਡ, ਜ਼ਿਆਦਾ ਨਮਕ ਦਾ ਸੇਵਨ, ਮੋਟਾਪਾ, ਸਿਗਰਟਨੋਸ਼ੀ, ਤਣਾਅ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਨੌਜਵਾਨਾਂ ਵਿਚ ਹਾਈ ਬੀ.ਪੀ. ਦੇ ਮੁੱਖ ਕਾਰਨ ਬਣ ਰਹੇ ਹਨ।

ਘਰ ’ਚ ਵੀ ਕਰੋ ਰੋਜ਼ਾਨਾ ਜਾਂਚ
ਡਾਕਟਰਾਂ ਦਾ ਕਹਿਣਾ ਹੈ ਕਿ ਡਿਜੀਟਲ ਬਲੱਡ ਪ੍ਰੈਸ਼ਰ ਮਾਨੀਟਰ ਦੀ ਮਦਦ ਨਾਲ ਘਰ ’ਚ ਵੀ ਰੋਜ਼ਾਨਾ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਜਾ ਸਕਦੀ ਹੈ। ਵਿਸ਼ੇਸ਼ ਤੌਰ ’ਤੇ ਮੋਟਾਪੇ ਤੋਂ ਪੀੜਤ ਲੋਕਾਂ, ਸ਼ੂਗਰ ਦੇ ਮਰੀਜ਼ਾਂ ਅਤੇ ਜਿਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਤੋਂ ਹਾਈ ਬੀ.ਪੀ. ਜਾਂ ਦਿਲ ਦੇ ਰੋਗ ਦਾ ਇਤਿਹਾਸ ਹੈ, ਉਨ੍ਹਾਂ ਨੂੰ ਰੋਜ਼ਾਨਾ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਜੀਵਨਸ਼ੈਲੀ ਵਿਚ ਬਦਲਾਅ ਹੀ ਸਭ ਤੋਂ ਵੱਡਾ ਬਚਾਅ
ਮਾਹਰਾਂ ਅਨੁਸਾਰ, ਸੰਤੁਲਿਤ ਖ਼ੁਰਾਕ, ਰੋਜ਼ਾਨਾ ਕਸਰਤ, ਤਣਾਅ ’ਤੇ ਕਾਬੂ, ਪੂਰੀ ਨੀਂਦ, ਨਮਕ ਦਾ ਸੀਮਿਤ ਸੇਵਨ ਅਤੇ ਸਿਗਰਟਨੋਸ਼ੀ-ਸ਼ਰਾਬ ਤੋਂ ਦੂਰੀ ਬਣਾ ਕੇ ਹਾਈ ਬਲੱਡ ਪ੍ਰੈਸ਼ਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਸਮਾਂ ਰਹਿੰਦੇ ਜਾਂਚ ਅਤੇ ਇਲਾਜ ਸ਼ੁਰੂ ਕਰਨ ਨਾਲ ਗੰਭੀਰ ਮੁਸ਼ਕਿਲਾਂ ਤੋਂ ਬਚਾਅ ਸੰਭਵ ਹੈ।

Leave a Reply

Your email address will not be published. Required fields are marked *