ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਸ ਨੇ ਨਾਇਬ ਤਹਿਸੀਲਦਾਰ ਸਮਾਣਾ ਦੇ ਰੀਡਰ ਸੰਜੀਵ ਸਭਰਵਾਲ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਸ ਮਾਮਲੇ ‘ਚ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਮੁਲਜ਼ਮ ਸੰਜੀਵ ਸਭਰਵਾਲ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਢੈਂਠਲ, ਤਹਿਸੀਲ ਸਮਾਣਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਭਰਾ ਗੁਰਚਰਨ ਸਿੰਘ ਨੇ ਜਨ ਸਮਾਲ ਫਾਇਨਾਂਸ ਬੈਂਕ ਲੀਲਾ ਭਵਨ ਪਟਿਆਲਾ ਤੋਂ ਆਪਣਾ ਮਕਾਨ ਗਿਰਵੀ ਰੱਖ ਕੇ ਸਾਲ 2021-2022 ‘ਚ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ 11 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਦੀ 14 ਹਜ਼ਾਰ ਰੁਪਏ ਮਹੀਨਾ ਕਿਸ਼ਤ ਭਰੀ ਜਾਂਦੀ ਸੀ।
ਲਗਭਗ 2 ਸਾਲ ਤੋਂ ਕਿਸ਼ਤਾਂ ਨਾ ਭਰਨ ਕਰਕੇ ਦਫ਼ਤਰ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟਰੇਟ ਸਮਾਣਾ ਵੱਲੋਂ ਸਰਫੇਸੀ ਐਕਟ 2002 ਤਹਿਤ ਕਾਰਵਾਈ ਲਈ ਤਰੀਕਾਂ ਪਾਈਆਂ ਜਾਂਦੀਆਂ ਸਨ। ਇਸ ਕੇਸ ’ਚ ਬੀਤੀ 4 ਜੂਨ 2026 ਨੂੰ ਉਕਤ ਦਫ਼ਤਰ ਵੱਲੋਂ ਮੌਕੇ ‘ਤੇ ਕਬਜ਼ਾ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ। 23 ਜੂਨ ਨੂੰ ਜਦੋਂ ਗੁਰਪ੍ਰੀਤ ਸਿੰਘ ਇਸ ਦੀ ਕਾਪੀ ਲੈਣ ਲਈ ਦਫ਼ਤਰ ਗਿਆ ਅਤੇ ਰੀਡਰ ਸੰਜੀਵ ਸਭਰਵਾਲ ਨੂੰ ਮਿਲਿਆ ਤਾਂ ਰੀਡਰ ਨੇ ਕੇਸ ਲਟਕਾਉਣ ਦੇ ਬਦਲੇ 20-25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਜਦੋਂ ਗੁਰਪ੍ਰੀਤ ਸਿੰਘ ਨੇ ਇੰਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਰੀਡਰ ਸੰਜੀਵ ਸਭਰਵਾਲ ਨੇ ਕਿਹਾ ਕਿ ਉਹ 6 ਜੁਲਾਈ ਤੋਂ ਪਹਿਲਾਂ 6 ਹਜ਼ਾਰ ਰੁਪਏ ਦੇ ਦੇਵੇ ਅਤੇ ਬਾਕੀ ਰਕਮ ਬਾਅਦ ਵਿਚ ਲੈ ਲਵੇਗਾ। ਸ਼ਿਕਾਇਤਕਰਤਾ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਬੀਤੇ ਦਿਨ ਵਿਜੀਲੈਂਸ ਦੀ ਟੀਮ ਨੇ ਵਿਸ਼ੇਸ਼ ਟਰੈਪ ਲਗਾ ਕੇ ਰੀਡਰ ਸੰਜੀਵ ਸਭਰਵਾਲ ਨੂੰ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਦਬੋਚ ਲਿਆ।
