ਰਾਏਕੋਟ/ਲੁਧਿਆਣਾ,,ਰਾਮ ਕ੍ਰਿਸ਼ਨ ਅਰੋੜਾ,, ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਪਿੰਡ ਤਲਵੰਡੀ ਰਾਏ, ਗੋਂਦਵਾਲ, ਸੁਧਾਰ ਅਤੇ ਭੈਣੀ ਦਰੇੜਾ ਦੇ ਸਰਕਾਰੀ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਸਕੂਲਾਂ ਦੀ ਚਾਰਦੀਵਾਰੀ, ਫਰਨੀਚਰ, ਪ੍ਰੋਜੈਕਟਰ ਕਲਾਸ ਰੂਮ, ਨਵੇਂ ਬਾਥਰੂਮ ਆਦਿ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੇਕੇ ਸਕੂਲਾਂ ਦੀ ਨੁਹਾਰ ਬਦਲੀ ਹੈ।
ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਠੇਕੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਇਵੇਟ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਛੁਪੀ ਪ੍ਰਤੀਭਾ ਨੂੰ ਹੋਰ ਨਿਖਾਰ ਮਿਲ ਸਕੇ।
ਉਨ੍ਹਾਂ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ ਸਰਕਾਰ ਦੇ ਉਪਰਾਲੇ ਸਦਕਾ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲ ਤੇ ਮੁੱਖ ਅਧਿਆਪਕ ਸਿਖਲਾਈ ਲਈ ਸਿੰਘਾਪੁਰ, ਫਿਨਲੈਂਡ ਤੇ ਆਈ.ਆਈ.ਐਮ ਵਿੱਚ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਸਾਡਾ ਭਵਿੱਖ ਹਨ ਜ਼ਿਨ੍ਹਾਂ ਨੂੰ ਅਸੀ ਹਰ ਸਹੂਲਤ ਉਪਲੱਬਧ ਕਰਵਾਉਣੀ ਹੈ। ਅਧਿਆਪਕਾਂ ਦੀ ਅਣਥੱਕ ਮਿਹਨਤ ਵੀ ਵਿਦਿਆਰਥੀਆਂ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
