( ਰਾਮ ਕ੍ਰਿਸ਼ਨ ਅਰੋੜਾ ) ‘ਯੁੱਧ ਨਸ਼ੇ ਵਿਰੁੱਧ’ ਨੂੰ ਲਗਾਤਾਰ 16ਵੇਂ ਦਿਨ ਜਾਰੀ ਰੱਖਦਿਆਂ ਪੰਜਾਬ ਪੁਲਸ ਨੇ ਐਤਵਾਰ ਨੂੰ 424 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਸੂਬੇ ਭਰ ’ਚ 63 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 45 ਐੱਫ਼. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਸਿਰਫ਼ 16 ਦਿਨਾਂ ’ਚ ਗ੍ਰਿਫ਼ਤਾਰ ਕੀਤੇ ਗਏ ਕੁੱਲ੍ਹ ਨਸ਼ਾ ਸਮੱਗਲਰਾਂ ਦੀ ਗਿਣਤੀ 2012 ਹੋ ਗਈ ਹੈ।
ਪੁਲਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਤੋਂ 385 ਗ੍ਰਾਮ ਹੈਰੋਇਨ, 19 ਕਿੱਲੋ ਭੁੱਕੀ, 2673 ਨਸ਼ੇ ਦੀਆਂ ਗੋਲ਼ੀਆਂ/ਟੀਕੇ ਅਤੇ 15,600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਵਿਸ਼ੇਸ਼ ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੱਤੀ ਕਿ 98 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਸ ਕਰਮਚਾਰੀਆਂ ਵਾਲੀਆਂ 200 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ’ਚ ਛਾਪੇਮਾਰੀ ਕੀਤੀ ਅਤੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 593 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ।
