ਪਠਾਨਕੋਟ/ ਸ਼ਾਹਪੁਰ ਕੰਡੀ 23 ਮਾਰਚ (ਪਰਮਜੀਤ ਸਿੰਘ)- 23 ਮਾਰਚ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਾਮਰਾਜੀ ਤੇ ਕਾਰਪੋਰੇਟਾਂ ਦੀ ਲੁੱਟ ਅਤੇ ਦਾਬੇ ਤੋਂ ਮੁਕਤੀ ਦੇ ਸੰਗਰਾਮ ਦੀ ਕਾਮਯਾਬੀ ਤੱਕ ਜੂਝਣ ਦਾ ਸੰਕਲਪ ਲੈਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਜਿਲ੍ਹਾ ਪਠਾਨਕੋਟ ਵਲੋਂ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਡੀ ਵਿਖੇ ਮਾਸਟਰ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ ਸ਼ਿਵ ਕੁਮਾਰ ਹਰਿੰਦਰ ਸਿੰਘ ਰੰਧਾਵਾ ਜਸਵੰਤ ਸਿੰਘ ਸੰਧੂ ਅਤੇ ਬਲਵੰਤ ਸਿੰਘ ਘੋਹ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਉਹਨਾਂ ਦੇ ਵਿਚਾਰਾਂ ਨੂੰ ਗਰੈਣ ਕਰਕੇ ਦੇਸ਼ ਨੂੰ ਦਰਪੇਸ਼ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਸਿਦਕਦਿਲੀ ਨਾਲ ਜੂਝਣ ਤੋਂ ਬਿਨਾ ਕੋਈ ਹੋਰ ਰਾਹ ਨਹੀਂ । ਆਗੂਆਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਸਾਮਰਾਜੀ ਲੁਟੇਰਿਆਂ ਨੂੰ ਦੇਸ਼ ਵਿਚੋਂ ਕੱਢਣ ਲਈ ਸਾਡੇ ਲੱਖਾਂ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਕੇਂਦਰ ਦੀ ਮੋਦੀ ਸਰਕਾਰ ਮੁੜ ਉਹਨਾਂ ਸਾਮਰਾਜੀ ਤੇ ਕਾਰਪੋਰੇਟ ਲੁਟੇਰਿਆਂ ਨੂੰ ਦੇਸ਼ ਅੰਦਰ ਜਲ ਜੰਗਲ ਜਮੀਨ ਤੇ ਧਨ ਦੌਲਤ ਦੀ ਲੁੱਟ ਮਾਰ ਕਰਾਉਣ ਲਈ ਤਰਲੋਮੱਛੀ ਹੋ ਰਹੀ ਹੈ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਫੈਸਲਿਆਂ ਕਰਕੇ ਅਬਾਦੀ ਦਾ ਵੱਡਾ ਹਿੱਸਾ ਦੋ ਵਕਤ ਦੀ ਰੋਟੀ ਤੋਂ ਮੁਸ਼ਕਲ ਹੋ ਗਿਆ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਫੋਕੀ ਸ਼ੋਹਰਤ ਲਈ ਇਸ਼ਤਿਹਾਰਬਾਜ਼ੀ, ਬਲਡੋਜ਼ਰ ਕਲਚਰ ਤੇ ਪੰਜਾਬ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰਕੇ ਅਤੇ ਭਾਜਪਾ ਦੇ ਹਰੇਕ ਏਜੰਡੇ ਨੂੰ ਲਾਗੂ ਕਰਦਿਆਂ ਆਰ ਐੱਸ ਐੱਸ ਦੀ ਬੀ ਟੀਮ ਹੋਣਾ ਸਾਬਤ ਕਰ ਦਿੱਤਾ ਹੈ। ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਨੌਜਵਾਨਾਂ ਔਰਤਾਂ ਵਿਦਿਆਰਥੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਆਪੋ ਆਪਣੀ-ਆਪਣੀਆਂ ਮੰਗਾਂ ਨੂੰ ਲੈ ਕੇ ਲੜਦਿਆਂ, ਦੇ ਨਾਲ ਨਾਲ ਸਾਰੇ ਵਰਗਾਂ ਨੂੰ ਇਕ ਮੰਚ ਤੇ ਵੀ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਜੁਲਮੀ ਹੱਮਲਿਆਂ ਦਾ ਟਾਕਰਾ ਕਰਨ ਲਈ ਉਚੇਚੇ ਯਤਨ ਕੀਤੇ ਜਾਣੇ ਚਾਹੀਦੇ ਹਨ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸੋਚ ਅਨੁਸਾਰ ਰਾਜ ਸਤਾ ਦੀ ਦਬਦੀਲੀ ਦੇ ਵਿਚਾਰਾਂ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਵੀ ਬਹੁਤ ਜਰੂਰੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਜੀਤ ਸਿੰਘ,ਪ੍ਰਵੀਨ ਕੁਮਾਰ ਬਮਿਆਲ, ਸਕੱਤਰ ਸਿੰਘ, ਰਣਯੋਧ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਨਰਿੰਜਨ ਸਿੰਘ, ਰਾਮ ਬਿਲਾਸ ਠਾਕੁਰ, ਰਘਬੀਰ ਧਲੌਰੀਆਂ, ਤਿਲਕ ਰਾਜ ਜਿਆਣੀ, ਅਜੀਤ ਰਾਮ ਗੰਦਲਾਂ ਲਾਹੜੀ, ਯਸਪਾਲ, ਸੋਹਨ ਲਾਲ, ਦੇਵ ਰਾਜ, ਦਰਸ਼ਨ ਸਿੰਘ, ਅਸ਼ਵਨੀ ਕੁਮਾਰ ਅਤੇ ਹੋਰ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਕੇਂਦਰ ਤੇ ਪੰਜਾਬ ਸਰਕਾਰ ਦੇ ਜੁਲਮੀ ਹੱਮਲਿਆਂ ਦਾ ਟਾਕਰਾ ਕਰਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ -ਕਾਮਰੇਡ ਨੱਥਾ ਸਿੰਘ
