ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸਖ਼ਤ ਨਿਰਦੇਸ਼ ਕੀਤੇ ਜਾਰੀ, ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਡੇਅਰੀ ਕੰਪਲੈਕਸ ਦਾ ਕੀਤਾ ਦੌਰਾ
ਲੁਧਿਆਣਾ, (ਰਾਮ ਕ੍ਰਿਸ਼ਨ ਅਰੋੜਾ)ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ‘ਬੁੱਢੇ ਦਰਿਆ’ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਨੀਵਾਰ ਨੂੰ ‘ਬੁੱਢੇ ਦਰਿਆ’ ਨੂੰ ਮੁੜ ਸੁਰਜੀਤ ਕਰਨ ਦੇ ਪ੍ਰੋਜੈਕਟ ਦਾ ਜਾਇਜ਼ਾ ਲਿਆ।
ਤਾਜਪੁਰ ਰੋਡ ‘ਤੇ 225 ਐਮ.ਐਲ.ਡੀ ਜਮਾਲਪੁਰ ਐਸ.ਟੀ.ਪੀ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਬੁੱਢੇ ਦਰਿਆ ਜਾਂ ਸੀਵਰ ਲਾਈਨਾਂ ਵਿੱਚ ਇੰਡਸਟਰੀ ਦੇ ਗੰਦੇ ਪਾਣੀ ਜਾਂ ਗੋਬਰ ਸੁੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਵਿਧਾਇਕ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਡੀ.ਸੀ. ਜਤਿੰਦਰ ਜੋਰਵਾਲ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਸਮੇਤ ਪੀ.ਪੀ.ਸੀ.ਬੀ, ਭੂਮੀ ਸੰਭਾਲ, ਸਿੰਚਾਈ ਵਿਭਾਗ ਆਦਿ ਦੇ ਹੋਰ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਸੂਬਾ ਸਰਕਾਰ ‘ਬੁੱਢੇ ਦਰਿਆ’ ਨੂੰ ਮੁੜ ਸੁਰਜੀਤ ਕਰਨ ਲਈ ਨਿਯਮਤ ਅਤੇ ਗੰਭੀਰ ਯਤਨ ਕਰ ਰਹੀ ਹੈ। ਜਨਤਾ ਅਤੇ ਉਦਯੋਗ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ, ਤਾਂ ਜੋ ਟੀਚਾ ਪ੍ਰਾਪਤ ਕੀਤਾ ਜਾ ਸਕੇ। ਸਰਕਾਰ ਜਾਂ ਅਧਿਕਾਰੀ ਕਿਸੇ ਵੀ ਉਦਯੋਗ ਦੇ ਵਿਰੁੱਧ ਨਹੀਂ ਹਨ, ਪਰ ਕਿਸੇ ਨੂੰ ਵੀ ਦਰਿਆ ਵਿੱਚ ਗੰਦਾ ਪਾਣੀ ਜਾਂ ਗੋਬਰ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਅਤੇ ਨਿਰਧਾਰਤ ਥਾਵਾਂ ‘ਤੇ ਡੰਪ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਵਿੱਚੋਂ ਗੋਬਰ ਚੁੱਕਣ ਲਈ ਇੱਕ ਨਿੱਜੀ ਠੇਕੇਦਾਰ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਬੁੱਢੇ ਦਰਿਆ ਦੀ ਸਫਾਈ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਇਹ 8ਵਾਂ ਦੌਰਾ ਸੀ। ਇਹ ਇਸ ਪ੍ਰੋਜੈਕਟ ਪ੍ਰਤੀ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਬਾਅਦ ਵਿੱਚ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਤਾਜਪੁਰ ਰੋਡ ਡੇਅਰੀ ਕੰਪਲੈਕਸ ਦਾ ਦੌਰਾ ਕੀਤਾ। ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਉਸ ਜਗ੍ਹਾ ਦਾ ਵੀ ਦੌਰਾ ਕੀਤਾ ਜਿੱਥੇ ਰਾਜ ਸਭਾ ਮੈਂਬਰ ਸੀਚੇਵਾਲ ਦੀ ਅਗਵਾਈ ਹੇਠ ‘ਕਾਰ ਸੇਵਾ’ ਤਹਿਤ ਦਰਿਆ ਕੰਢੇ ‘ਤੇ ‘ਇਸ਼ਨਾਨ ਘਾਟ’ ਸਥਾਪਿਤ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਜਨਤਾ ਅਤੇ ਉਦਯੋਗ ਨੂੰ ਬੁੱਢੇ ਦਰਿਆ ਦੀ ਸਫਾਈ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
